ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ “ਸਰਹਿੰਦ ਫ਼ਤਿਹ ਦਿਵਸ “ ਮਨਾਇਆ ਗਿਆ
ਬੀਜਾ/ ਖੰਨਾਂ, 12 ਮਈ ( ਪ੍ਰੋਫੈਸਰ ਅਵਤਾਰ ਸਿੰਘ ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਮਿਤੀ 12 ਮਈ 2026 ਨੂੰ “ਸਰਹਿੰਦ ਫਤਿਹ ਦਿਵਸ” ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਸਰਹਿੰਦ ਫਤਹਿ ਦਿਵਸ ਮਜ਼ਲੂਮ ਲੁਕਾਈ ਵੱਲੋਂ ਅਨਿਆਂ ਖਿਲਾਫ ਲਾਮਬੰਦ ਹੋਣ ਅਤੇ ਇਕਜੁੱਟ ਹੋ ਕੇ ਜੂਝਣ ਦੀ ਪ੍ਰੇਰਨਾ ਦਾ ਇਤਿਹਾਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰੂਹਾਨੀ ਬਖਸ਼ਿਸ਼ ਦੇ ਨਾਲ ਦੱਖਣ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਜਿਨ੍ਹਾਂ ਨੇ ਅਨਿਆਂਕਾਰੀ ਰਾਜ ਦਾ ਖਾਤਮਾ ਕਰਕੇ ਸਰਬ- ਸਾਂਝੀਵਾਲਤਾ ਦਾ ਹਲੇਮੀ ਰਾਜ ਸਥਾਪਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਸ. ਹਰਪਾਲ ਸਿੰਘ ਜੀ ਜੱਲ੍ਹਾ ਨੇ ਦੱਖਣ ਤੋਂ ਸਰਹਿੰਦ ਅਤੇ ਸਰਹਿੰਦ ਤੋਂ ਦਿੱਲੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਅਲੱਗ- ਅਲੱਗ ਪੜਾਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਅਸਲ ਰੋਲ ਮਾਡਲ ਹਨ। ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਡਾ. ਸਤਿੰਦਰ ਸਿੰਘ ਨੇ ਸਰਹਿੰਦ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਇਤਿਹਾਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਗਮਜਯੋਤ ਕੌਰ ਨੇ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਸਿੱਕੇ ਜਾਰੀ ਕੀਤੇ। ਸਭਨਾਂ ਨੂੰ ਸਾਂਝਾ ਸਮਝਿਆ। ਇਸ ਰਾਜ ਦੀ ਬਦੌਲਤ ਹੀ ਸੀ ਕਿ ਅੱਗੇ ਚੱਲ ਕੇ ਸਿੱਖ ਮਿਸਲਾਂ ਹੋਂਦ ਵਿੱਚ ਆਈਆਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਦਾ ਬੇਮਿਸਾਲ ਰਾਜ ਸਥਾਪਿਤ ਕੀਤਾ। ਸਾਨੂੰ ਆਪਣੇ ਇਤਿਹਾਸ ਉਪਰ ਫਖਰ ਕਰਨਾ ਚਾਹੀਦਾ ਹੈ। ਅਖੀਰ ਵਿੱਚ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਐਨੀਮੇਸ਼ਨ ਫਿਲਮ ਦਿਖਾਈ ਗਈ। ਵਿਦਿਆਰਥੀਆਂ ਲਈ ਇਹ ਸੈਸ਼ਨ ਬਹੁਤ ਲਾਹੇਵੰਦ ਸਾਬਤ ਹੋਇਆ ।
