ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਕਰਨਾ ਸਮੇਂ ਦੀ ਲੋੜ ਹੈ– ਡਾ.ਗਗਨਦੀਪ ਸਿੰਘ
ਬੀਜਾ/ ਖੰਨਾ, 17 ਸਤੰਬਰ ( ਪੋ੍ਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ 15 ਸਤੰਬਰ 2026 ਨੂੰ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਦੇ ਸੰਦਰਭ ਵਿੱਚ ਅੰਗਰੇਜ਼ੀ, ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਵਿਭਾਗਾਂ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਾਲ ਦੇ ਸੰਦੇਸ਼ “ਖੁਦਕੁਸ਼ੀ ਬਾਰੇ ਸੋਚ ਵਿੱਚ ਬਦਲਾਅ” ਅਤੇ “ਗੱਲਬਾਤ ਦੀ ਸ਼ੁਰੂਆਤ ਕਰੋ” ਨੂੰ ਕੇਂਦਰ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਕ ਸਹਾਇਤਾ ਅਤੇ ਸਮੇਂ ਸਿਰ ਮਦਦ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਇਸ ਜਾਗਰੂਕਤਾ ਗਤੀਵਿਧੀ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਲੋਗਨ ਲਿਖਣ ਦੇ ਨਾਲ-ਨਾਲ “ਚੰਗਿਆਈ ਅਤੇ ਆਸ ਦੇ ਹੱਥ” ਗਤੀਵਿਧੀ ਵਿੱਚ ਹੱਥਾਂ ਦੇ ਨਿਸ਼ਾਨਾਂ ਰਾਹੀਂ ਪ੍ਰੇਰਨਾਦਾਇਕ ਅਤੇ ਆਸ ਭਰੇ ਸੰਦੇਸ਼ ਲਿਖੇ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਇਨ੍ਹਾਂ ਸਿਰਜਣਾਤਮਕ ਸੰਦੇਸ਼ਾਂ ਨੂੰ “ਆਸ ਦੀ ਕੰਧ” ’ਤੇ ਪ੍ਰਦਰਸ਼ਿਤ ਕੀਤਾ ਗਿਆ।
ਇਨ੍ਹਾਂ ਸੰਦੇਸ਼ਾਂ ਰਾਹੀਂ ਵਿਦਿਆਰਥੀਆਂ ਨੇ ਆਸ, ਦ੍ਰਿੜਤਾ, ਹਮਦਰਦੀ, ਭਾਵਨਾਤਮਕ ਤੰਦਰੁਸਤੀ, ਸਮਾਜਿਕ ਜੁੜਾਅ, ਨਕਾਰਾਤਮਕਤਾ ਨੂੰ ਘਟਾਉਣ, ਲੋੜ ਪੈਣ ’ਤੇ ਮਦਦ ਲੈਣ, ਸਮੱਸਿਆ ਦੀ ਸਮੇਂ ਸਿਰ ਪਛਾਣ ਅਤੇ ਯੋਗ ਸਹਾਇਤਾ ਪ੍ਰਦਾਨ ਕਰਨ ਵਰਗੇ ਮਹੱਤਵਪੂਰਨ ਪੱਖਾਂ ’ਤੇ ਜ਼ੋਰ ਦਿੱਤਾ। ਵਿਦਿਆਰਥੀਆਂ ਵੱਲੋਂ ਲਿਖੇ ਸੰਦੇਸ਼—“ਆਸ ਬਣਾਈ ਰੱਖੋ, ਆਸ ਦੀ ਕਿਰਨ ਬਣੋ”, “ਗੱਲ ਕਰੋ, ਚੁੱਪ ਨਾ ਰਹੋ”, “ਤੁਸੀਂ ਇਕੱਲੇ ਨਹੀਂ ਹੋ”, “ਆਓ ਹੱਥ ਮਿਲਾਈਏ, ਆਸ ਦੀ ਜੋਤ ਜਗਾਈਏ”, “ਦਿਆਲੂ ਬਣੋ”, “ਡਰ ਤੋਂ ਮੁਕਤ ਹੋ ਕੇ ਜੀਓ” ਅਤੇ “ਆਪਣੇ ਆਪ ’ਤੇ ਵਿਸ਼ਵਾਸ ਰੱਖੋ”—ਨੇ ਸਮੁੱਚੀ ਗਤੀਵਿਧੀ ਨੂੰ ਭਾਵਪੂਰਨ ਅਤੇ ਪ੍ਰੇਰਨਾਦਾਇਕ ਬਣਾਇਆ।
ਇਸ ਮੌਕੇ ਡਾ. ਰੂਪਾ ਕੌਰ ਨੇ ਨੌਜਵਾਨਾਂ ਵਿੱਚ ਖੁਦਕੁਸ਼ੀ ਦੀ ਰੋਕਥਾਮ ਦੇ ਤਰੀਕਿਆਂ ਸੰਬੰਧੀ ਇੱਕ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਮੁਸ਼ਕਲ ਸਮੇਂ ਵਿੱਚ ਗੱਲਬਾਤ ਕਰਨ ਅਤੇ ਲੋੜ ਪੈਣ ’ਤੇ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ “ਜ਼ਿੰਦਾਦਿਲੀ” ਦੀ ਮਹੱਤਤਾ ਉਜਾਗਰ ਕਰਦਿਆਂ ਜੀਵਨ ਪ੍ਰਤੀ ਸਕਾਰਾਤਮਕ, ਆਸ਼ਾਵਾਦੀ ਅਤੇ ਉਤਸ਼ਾਹਪੂਰਨ ਰਵੱਈਆ ਅਪਣਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਡਾ. ਕਮਲਜੀਤ ਰਾਏ, ਮੁਖੀ, ਅੰਗਰੇਜ਼ੀ ਵਿਭਾਗ, ਅਤੇ ਪ੍ਰੋ. ਮਨਜੀਤ ਭੱਟੀ, ਮੁਖੀ, ਪੰਜਾਬੀ ਵਿਭਾਗ ਵੀ ਹਾਜ਼ਰ ਸਨ। ਪ੍ਰੋ. ਸੰਦੀਪ ਕੌਰ, ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਨੇ ਪ੍ਰੇਰਨਾਦਾਇਕ ਸੰਦੇਸ਼ ਸਾਂਝਾ ਕਰਦਿਆਂ ਕਿਹਾ, “ਇੱਕ ਗੱਲਬਾਤ, ਇੱਕ ਮਦਦ ਦਾ ਹੱਥ ਅਤੇ ਇੱਕ ਸੰਵੇਦਨਸ਼ੀਲ ਸਾਥੀ ਕਿਸੇ ਦੀ ਜ਼ਿੰਦਗੀ ਵਿੱਚ ਆਸ ਦੀ ਕਿਰਨ ਬਣ ਸਕਦਾ ਹੈ।”
ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਅੰਗਰੇਜ਼ੀ, ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਵਿਭਾਗਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਕਰਨਾ ਸਮੇਂ ਦੀ ਲੋੜ ਹੈ। ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸੰਵੇਦਨਸ਼ੀਲਤਾ, ਹਮਦਰਦੀ ਅਤੇ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਸ਼ਕਲ ਸਮੇਂ ਵਿੱਚ ਆਪਣੇ ਸਾਥੀਆਂ ਦੀ ਗੱਲ ਸੁਣਨ ਅਤੇ ਲੋੜ ਪੈਣ ’ਤੇ ਯੋਗ ਸਹਾਇਤਾ ਵੱਲ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਉਨੀ ਹੀ ਜ਼ਰੂਰੀ ਹੈ ਜਿੰਨੀ ਸਰੀਰਕ ਸਿਹਤ ਪ੍ਰਤੀ ਜਾਗਰੂਕਤਾ।
ਇਸ ਤਰ੍ਹਾਂ ਇਹ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ “ਚੁੱਪੀ ਤੋੜਨ, ਗੱਲਬਾਤ ਸ਼ੁਰੂ ਕਰਨ, ਇੱਕ-ਦੂਜੇ ਦਾ ਸਾਥ ਦੇਣ ਅਤੇ ਆਸ ਦੀ ਜੋਤ ਜਗਾਈ ਰੱਖਣ” ਦਾ ਸਾਰਥਕ ਸੰਦੇਸ਼ ਦਿੰਦਾ ਹੋਇਆ ਸੰਪੰਨ ਹੋਇਆ।
