• Wed. Mar 18th, 2026

PEHLIKHABAR24X7

देश की धड़कन

ਖੰਨਾਂ ‘ਚ ਪੰਜਾਬ ਸਖੀ ਸ਼ਕਤੀ ਮੇਲਾ ਬਣਿਆ ਮਹਿਲਾ ਸਸ਼ਕਤੀਕਰਨ ਦੀ ਮਿਸਾਲ, ਦੋ ਜਾਂਬਾਜ ਮਹਿਲਾ ਅਫਸਰਾਂ ਐਸ.ਡੀ.ਐਮ ਟਿਵਾਣਾ ਅਤੇ ਐਸ ਐਸ.ਪੀ ਆਹਲੂਵਾਲੀਆ ਦੀ ਮਿਹਨਤ ਨਾਲ ਸਫਲਤਾਪੂਰਵਕ ਸੰਚਾਲਨ ਜਾਰੀ

ByPehliKhabarNews

Mar 1, 2026

ਐਸ.ਡੀ.ਐਮ ਸਵਾਤੀ ਟਿਵਾਣਾ ਅਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਕਾਰਜਸ਼ੈਲੀ ਦੀ ਹਰ ਪਾਸੇ ਸ਼ਲਾਘਾ, ਕੈਬਨਿਟ ਮੰਤਰੀ ਸੌਂਦ ਨੇ ਵੀ ਕੀਤੀ ਤਾਰੀਫ, ਕਿਹਾ – ਸਚਮੁੱਚ ਦੋਵੇਂ ਅਫ਼ਸਰਾਂ ਨੇ ਦਿਨ-ਰਾਤ ਮਿਹਨਤ ਕਰਕੇ ਖੰਨਾ ਕਾਰਨੀਵਾਲ ਨੂੰ ਸੂਬੇ ਪੱਧਰ ‘ਤੇ ਵੱਖਰੀ ਪਛਾਣ ਦਿਵਾਈ*

ਖੰਨਾਂ/ ਲੁਧਿਆਣਾ ,1 ਮਾਰਚ ( ਪ੍ਰੋਫੈਸਰ ਅਵਤਾਰ ਸਿੰਘ ):-ਪੰਜਾਬ ਸਰਕਾਰ ਵੱਲੋਂ ਮਹਿਲਾ ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਮੇਲੇ ਲੋਕਾਂ ਵਿੱਚ ਬਹੁਤ ਹੀ ਲੋਕਪ੍ਰਿਯ ਹੋ ਰਹੇ ਹਨ। ਇਸੇ ਲੜੀ ਤਹਿਤ ਖੰਨਾ ਦੇ ਦੁਸਹਿਰਾ ਗਰਾਊਂਡ ਵਿਖੇ ਪਹਿਲੀ ਵਾਰ ਇਹ ਵਿਸ਼ਾਲ ਮੇਲਾ ਲਗਾਇਆ ਗਿਆ ਹੈ, ਜੋ 21 ਫਰਵਰੀ ਤੋਂ 2 ਮਾਰਚ ਤੱਕ ਚੱਲੇਗਾ। ਇਹ ਮੇਲਾ ਨਾ ਸਿਰਫ ਮਹਿਲਾਵਾਂ ਨੂੰ ਸਵੈਰੋਜ਼ਗਾਰ ਅਤੇ ਸਸ਼ਕਤੀਕਰਨ ਵੱਲ ਪ੍ਰੇਰਿਤ ਕਰ ਰਿਹਾ ਹੈ, ਸਗੋਂ ਪੰਜਾਬੀ ਸਭਿਆਚਾਰ ਨੂੰ ਵੀ ਨਵੀਂ ਉਚਾਈਆਂ ‘ਤੇ ਲੈ ਕੇ ਜਾ ਰਿਹਾ ਹੈ।

ਇਸ ਵਿਸ਼ਾਲ ਅਤੇ ਅਹਿਮ ਮੇਲੇ ਨੂੰ ਸਫਲ ਬਣਾਉਣ ਵਿੱਚ ਦੋ ਜਾਂਬਾਜ ਮਹਿਲਾ ਅਫਸਰਾਂ ਦੀ ਭੂਮਿਕਾ ਬਹੁਤ ਹੀ ਕਾਬਿਲ-ਏ-ਤਾਰੀਫ ਹੈ। ਸਿਵਲ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਸਵਾਤੀ ਟਿਵਾਣਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦਿਨ-ਰਾਤ ਮਿਹਨਤ ਕਰਕੇ ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ। ਮੇਲੇ ਦੀ ਯੋਜਨਾ ਬਣਾਉਣ ਤੋਂ ਲੈ ਕੇ ਇਸਦੀ ਰੋਜ਼ਾਨਾ ਨਿਗਰਾਨੀ ਤੱਕ, ਦੋਵੇਂ ਅਧਿਕਾਰੀ ਬੇਹੱਦ ਸਰਗਰਮ ਅਤੇ ਸਮਰਪਿਤ ਨਜ਼ਰ ਆ ਰਹੇ ਹਨ।

ਐਸ.ਡੀ.ਐਮ ਸਵਾਤੀ ਟਿਵਾਣਾ ਨੇ ਇਸ ਮੇਲੇ ਦੀ ਤਿਆਰੀਆਂ ਲਗਭਗ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਬਿਠਾ ਕੇ ਸਾਰੇ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਇਆ। ਸਟਾਲਾਂ ਦੀ ਸਥਾਪਨਾ, ਮਹਿਲਾ ਸਵੈ ਸਹਾਇਤਾ ਸਮੂਹਾਂ ਦੀ ਭਾਗੀਦਾਰੀ, ਸੱਭਿਆਚਾਰਕ ਪ੍ਰੋਗਰਾਮਾਂ ਦੀ ਯੋਜਨਾ, ਸਟਾਰ ਨਾਇਟ ਦੀ ਵਿਵਸਥਾ, ਸਾਫ਼-ਸਫ਼ਾਈ, ਬਿਜਲੀ, ਪਾਣੀ, ਮੈਡੀਕਲ ਸਹੂਲਤਾਂ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਉੱਤੇ ਉਹ ਖੁਦ ਨਿਗਰਾਨੀ ਕਰ ਰਹੇ ਹਨ। ਮੇਲੇ ਦੌਰਾਨ ਵੀ ਉਹ ਹਰ ਪਲ ਮੌਕੇ ‘ਤੇ ਮੌਜੂਦ ਰਹਿ ਕੇ ਪ੍ਰਬੰਧਾਂ ਦੀ ਜਾਂਚ ਕਰਦੇ ਰਹਿੰਦੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉੱਥੇ ਹੀ, ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ਦੀ ਜ਼ਿੰਮੇਵਾਰੀ ਨੂੰ ਆਪਣੀ ਟੀਮ ਰਾਹੀਂ ਬਖੂਬੀ ਨਿਭਾਉਣ ਦੀ ਉਦਾਹਰਨ ਕਾਇਮ ਕੀਤੀ ਹੈ। ਮੇਲੇ ਦੌਰਾਨ ਰੋਜ਼ਾਨਾ 500 ਤੋਂ ਵੱਧ ਕਾਰਾਂ ਅਤੇ ਹੋਰ ਗੱਡੀਆਂ ਦੇ ਨਾਲ-ਨਾਲ 1000 ਤੋਂ ਵੱਧ ਦੋਪਹੀਆ ਵਾਹਨ ਆਉਂਦੇ ਹਨ। ਇੰਨੀ ਵੱਡੀ ਗਿਣਤੀ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਸੀ, ਪਰ ਪੁਲਿਸ ਪ੍ਰਸ਼ਾਸਨ ਨੇ ਬਿਹਤਰੀਨ ਯੋਜਨਾ ਨਾਲ ਇਸਨੂੰ ਆਸਾਨ ਬਣਾ ਦਿੱਤਾ। ਪਾਰਕਿੰਗ ਦੀ ਸੁਚੱਜੀ ਵਿਵਸਥਾ, ਟਰੈਫਿਕ ਦੀ ਸਮਰੱਥ ਮੈਨੇਜਮੈਂਟ, ਸਟਾਰ ਨਾਇਟ ਤੋਂ ਬਾਅਦ ਭੀੜ ਨੂੰ ਸੁਰੱਖਿਅਤ ਢੰਗ ਨਾਲ ਕੱਢਣਾ ਅਤੇ ਸੜਕਾਂ ‘ਤੇ ਜਾਮ ਨਾ ਲੱਗਣ ਦੇ ਪ੍ਰਬੰਧ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ।

ਸੁਰੱਖਿਆ ਦੇ ਮੱਦੇਨਜ਼ਰ ਇੱਕ ਅਸਥਾਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ 93 ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਹਰ ਕੋਨੇ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। 300 ਤੋਂ ਵੱਧ ਪੁਲਿਸ ਮੁਲਾਜ਼ਮ ਦਿਨ-ਰਾਤ ਤਾਇਨਾਤ ਕਰਕੇ ਮਹਿਲਾਵਾਂ, ਬੱਚਿਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਦੇ ਨਾਲ-ਨਾਲ ਮਹਿਲਾ ਪੁਲਿਸ ਕਰਮਚਾਰੀਆਂ ਦੀ ਵੀ ਖ਼ਾਸ ਤੌਰ ‘ਤੇ ਡਿਊਟੀ ਲਗਾਈ ਗਈ ਹੈ, ਤਾਂ ਜੋ ਮਹਿਲਾਵਾਂ ਖੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਸਕਣ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਤੇ ਲੋਕ-ਭਲਾਈ ਨੀਤੀਆਂ ਦਾ ਹੀ ਨਤੀਜਾ ਹੈ ਕਿ ਅਜਿਹੇ ਮੇਲੇ ਰਾਜ ਭਰ ਵਿੱਚ ਸਫਲਤਾਪੂਰਵਕ ਕਰਵਾਏ ਜਾ ਰਹੇ ਹਨ। ਇਹ ਮੇਲੇ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ, ਸਵੈਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਅਤੇ ਆਪਣੇ ਹੁਨਰ ਨੂੰ ਦਰਸਾਉਣ ਦਾ ਸ਼ਾਨਦਾਰ ਮੰਚ ਪ੍ਰਦਾਨ ਕਰ ਰਹੇ ਹਨ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਖੰਨਾ ਵਿਖੇ ਹੋ ਰਹੇ ਇਸ ਮੇਲੇ ਦੀ ਖੁੱਲ ਕੇ ਸ਼ਲਾਘਾ ਕਰਦਿਆਂ ਐਸ.ਡੀ.ਐਮ ਸਵਾਤੀ ਟਿਵਾਣਾ ਅਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੋਵੇਂ ਅਧਿਕਾਰੀ ਬੇਹੱਦ ਮਿਹਨਤੀ, ਇਮਾਨਦਾਰ ਅਤੇ ਲੋਕ-ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਮਰਪਿਤ ਮਿਹਨਤ ਸਦਕਾ ਹੀ ਖੰਨਾ ‘ਚ ਇਹ ਮੇਲਾ ਇਤਿਹਾਸਕ ਸਫਲਤਾ ਹਾਸਲ ਕਰ ਰਿਹਾ ਹੈ।

ਸ਼ਹਿਰ ਵਾਸੀਆਂ ਅਤੇ ਦੂਰ-ਦਰਾਡੇ ਤੋਂ ਆਉਣ ਵਾਲੇ ਹੋਰ ਲੋਕਾਂ ਵੱਲੋਂ ਵੀ ਮੇਲੇ ਦੇ ਪ੍ਰਬੰਧਾਂ ਦੀ ਖੁੱਲ ਕੇ ਤਾਰੀਫ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਸੁਚੱਜੇ ਪ੍ਰਬੰਧ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ। ਸੁਰੱਖਿਆ, ਸਾਫ਼-ਸਫ਼ਾਈ, ਪਾਰਕਿੰਗ ਅਤੇ ਮਨੋਰੰਜਨ ਦੇ ਸਾਰੇ ਪ੍ਰਬੰਧ ਬੇਮਿਸਾਲ ਹਨ।

ਕੁੱਲ ਮਿਲਾ ਕੇ ਖੰਨਾ ਵਿੱਚ ਲੱਗਾ ਪੰਜਾਬ ਸਖੀ ਸ਼ਕਤੀ ਮੇਲਾ ਸਿਰਫ ਇੱਕ ਸਮਾਗਮ ਨਹੀਂ, ਸਗੋਂ ਮਹਿਲਾ ਸ਼ਕਤੀਕਰਨ, ਪੰਜਾਬੀ ਸੱਭਿਆਚਾਰ ਅਤੇ ਸਰਕਾਰੀ ਪ੍ਰਸ਼ਾਸਨ ਦੀ ਮਿਹਨਤ ਦਾ ਪ੍ਰਤੱਖ ਪ੍ਰਮਾਣ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰੇਰਣਾਦਾਇਕ ਸਾਬਤ ਹੋਵੇਗਾ।

Leave a Reply

Your email address will not be published. Required fields are marked *