ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ- ਬੋਲੀ ਦਿਵਸ ਨੂੰ ਸਮਰਪਿਤ ਰੂ-ਬ-ਰੂ ਪ੍ਰੋਗ੍ਰਾਮ ਦਾ ਆਯੋਜਨ

ਖੰਨਾਂ /ਲੁਧਿਆਣਾ,18 ਫਰਵਰੀ ( ਪ੍ਰੋਫੈਸਰ ਅਵਤਾਰ ਸਿੰਘ ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਜੀ ਧਾਮੀ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ,ਕੋਟਾਂ ਵਿਖੇ ਮਿਤੀ 17 ਫਰਵਰੀ 2026 ਨੂੰ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ- ਬੋਲੀ ਦਿਵਸ ਨੂੰ ਸਮਰਪਿਤ ਰੂ-ਬ-ਰੂ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਵਿਭਾਗ ਵੱਲੋਂ ਪੰਜਾਬੀ ਦੇ ਉਘੇ ਨਾਵਲਕਾਰ ਤੇ ਕਹਾਣੀਕਾਰ ਸ੍ਰ. ਕਰਨੈਲ ਸਿੰਘ ਵਜ਼ੀਰਾਬਾਦ ਨੂੰ ਉਚੇਚੇ ਤੌਰ ਤੇ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾਉਣ ਲਈ ਸੰਸਥਾ ਵਿਖੇ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਜਿਸ ਮੌਕੇ ਤੇ ਵਜ਼ੀਰਾਬਾਦ ਸਾਹਿਬ ਨੇ ਆਪਣੇ ਸਾਹਿਤਕ ਸਫ਼ਰ, ਜਿੰਦਗੀ ਦੇ ਯਥਾਰਥ ਨੂੰ ਕਹਾਣੀ ਵਿੱਚ ਢਾਲਣ ਦੀ ਪ੍ਰਕਿਰਿਆ ਅਤੇ ਉਚੇਰੇ ਮਾਨਵੀ ਸਮਾਜ ਦੀ ਉਸਾਰੀ ਵਿੱਚ ਸਾਹਿਤ ਦੇ ਯੋਗਦਾਨ ਸੰਬੰਧੀ ਆਪਣਾ ਜੀਵਨ- ਅਨੁਭਵ ਸਾਂਝਾ ਕੀਤਾ।

ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਪ੍ਰੋ. ਮਨਜੀਤ ਕੌਰ ਭੱਟੀ ਵੱਲੋਂ ਆਏ ਮਹਿਮਾਨ ਸ੍ਰ. ਕਰਨੈਲ ਸਿੰਘ ਵਜ਼ੀਰਾਬਾਦ ਅਤੇ ਸ੍ਰੀ ਨਰੇਸ਼ ਨਿਮਾਣਾ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਰਸਮੀ ਜੀ ਆਇਆ ਕਿਹਾ ਗਿਆ। ਉਪਰੰਤ ਪ੍ਰੋ ਮਨਜੀਤ ਕੌਰ ਭੱਟੀ ਵੱਲੋਂ ਕਹਾਣੀਕਾਰ / ਨਾਵਲਕਾਰ ਨਾਲ ਤੁਆਰਫ਼ ਕਰਵਾਉਦਿਆਂ ਉਨ੍ਹਾਂ ਦੀਆਂ ਸਿਰਜਣਾਵਾਂ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਸ. ਕਰਨੈਲ ਸਿੰਘ ਜੀ ਵੱਲੋਂ ਕਾਲਜ ਦੀ ਲਾਇਬ੍ਰੇਰੀ ਨੂੰ ਆਪਣੀਆਂ 10 ਪੁਸਤਕਾਂ ਦਾ ਸੈਟ ਭੇਂਟ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਦੋਸਤੀ ਪਾਉਣ ਲਈ ਪ੍ਰੇਰਿਤ ਕੀਤਾ।

ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ.ਕਰਨੈਲ ਸਿੰਘ ਵਜ਼ੀਰਾਬਾਦ ਨੂੰ ਸਨਮਾਨਿਤ ਕੀਤਾ ਗਿਆ। ਡਾ. ਰੂਪਾ ਕੋਰ ਨੇ ਮੰਚ ਸੰਚਾਲਨ ਕਰਦਿਆਂ ਆਏ ਮਹਿਮਾਨਾਂ ਤੇ ਲੈਕ, ਸੁਰਿੰਦਰ ਕੋਰ ਦੇ ਸਹਿਯੋਗ ਲਈ ਉਚੇਚਾ ਧੰਨਵਾਦ ਕੀਤਾ।

ਇਸ ਮੌਕੇ ਤੇ ਪ੍ਰੋ. ਨੀਰੂ ਗਰਗ, ਡਾ. ਅੰਮ੍ਰਿਤ ਕੋਰ ਬਾਂਸਲ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਹਰਿੰਦਰ ਕੌਰ, ਲੈਕ, ਅੰਮ੍ਰਿਤਪਾਲ ਕੋਰ, ਪ੍ਰੋ. ਪਵਨਜੀਤ ਕੌਰ ਅਤੇ ਪ੍ਰੋ. ਹਰਲਿਵਲੀਨ ਕੋਰ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਪੰਜਾਬੀ ਵਿਭਾਗ ਦੇ ਅਜਿਹੇ ਯਤਨਾਂ ਲਈ ਸ਼ਲਾਘਾ ਕਰਦਿਆਂ ਹੋਰ ਵਧੇਰੇ ਸਰਗਰਮੀ ਨਾਲ ਅਜਿਹੇ ਸਮਾਗਮਾਂ ਦੀ ਲੜੀ ਜਾਰੀ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

error: Content is protected !!