ਨਾਭਾ/ ਪਟਿਆਲਾ ,21 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ /ਚਮਕੌਰ ਸਿੰਘ ਨਾਭਾ ):-
ਨਾਭਾ-ਭਵਾਨੀਗੜ੍ਹ ਰੋਡ ’ਤੇ ਭਵਾਨੀਗੜ੍ਹ, ਨਾਭਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਜੋੜਨ ਵਾਲੇ ਓਵਰਬ੍ਰਿਜ ਦੀ ਹਾਲਤ ਖ਼ਰਾਬ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਓਵਰਬ੍ਰਿਜ ਦੇ ਵਿਚਕਾਰ ਲੱਗੇ ਲੋਹੇ ਦੇ ਐਂਗਲ ਟੁੱਟਣ ਲੱਗ ਪਏ ਸਨ, ਜਿਸ ਕਾਰਨ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਸੀ।
ਮਾਮਲੇ ਦਾ ਨੋਟਿਸ ਲੈਂਦਿਆਂ ਵਿਧਾਇਕ ਦੇਵ ਮਾਨ ਨੇ ਸਬੰਧਤ ਅਧਿਕਾਰੀਆਂ ਨੂੰ ਓਵਰਬ੍ਰਿਜ ਦੀ ਜਲਦ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ ਵਿਧਾਇਕ ਦੇਵ ਮਾਨ ਨੇ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਮੁਰੰਮਤ ਕਾਰਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੋਂ ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ।
ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 22 ਸਤੰਬਰ ਤੋਂ ਓਵਰਬ੍ਰਿਜ ’ਤੇ ਆਮ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।ਓਵਰਬ੍ਰਿਜ ਦੇ ਮੁੜ ਖੁੱਲ੍ਹਣ ਨਾਲ ਨਾਭਾ, ਭਵਾਨੀਗੜ੍ਹ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ। ਉੱਥੇ ਹੀ ਸਥਾਨਕ ਲੋਕਾਂ ਨੇ ਵੀ ਸਮੇਂ ਸਿਰ ਮੁਰੰਮਤ ਦਾ ਕੰਮ ਸ਼ੁਰੂ ਕਰਵਾਏ ਜਾਣ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ।
