ਗੁਰੂ ਨਾਨਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਹਾਕੀ ਟੂਰਨਾਮੈਂਟ ‘ਚ ਮਾਰੀਆਂ ਮੱਲਾਂ

ਦੋਰਾਹਾ/ ਖੰਨਾ, 20 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ):- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੀ ਅੰਡਰ 17 ਲੜਕਿਆਂ ਦੀ ਹਾਕੀ ਟੀਮ ਨੇ ਮਹਿਤਾ ਅੰਮ੍ਰਿਤਸਰ ਵਿਖੇ ਮਿਤੀ 10 ਸਤੰਬਰ,2026 ਤੋਂ 15 ਸਤੰਬਰ,2026 ਤੱਕ ਕਰਵਾਏ ਗਏ ਸੀ.ਬੀ.ਐੱਸ.ਈ ਨਾਰਥ ਜੋ਼ਨ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ| ਇਸ ਟੂਰਨਾਮੈਂਟ ਵਿੱਚ ਪੰਜਾਬ,ਹਰਿਆਣਾ ਅਤੇ ਜੰਮੂ- ਕਸ਼ਮੀਰ ਦੀਆਂ 14 ਟੀਮਾਂ ਨੇ ਭਾਗ ਲਿਆ| ਇਹਨਾਂ ਸਖ਼ਤ ਮੁਕਾਬਲਿਆਂ ਵਿੱਚੋਂ ਸਕੂਲ ਦੇ ਖਿਡਾਰੀ ਕਰਨਵੀਰ ਸਿੰਘ ਨੂੰ ‘ਬੈਸਟ ਡਿਫੈਂਡਰ’ ਦੇ ਖਿਤਾਬ ਨਾਲ਼ ਨਿਵਾਜਿਆ ਗਿਆ| ਇਸ ਸ਼ਾਨਦਾਰ ਸਫਲਤਾ ‘ਤੇ ਸਕੂਲ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ| ਖਿਡਾਰੀਆਂ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਹੋਣਹਾਰ ਵਿਦਿਆਰਥੀਆਂ ਨੇ ਤਿੰਨ ਰਾਜਾਂ ਦੀਆਂ 14 ਟੀਮਾਂ ਦੇ ਮੁਕਾਬਲੇ ਜੋ ਮੱਲ ਮਾਰੀ ਹੈ, ਉਸ ‘ਤੇ ਪੂਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਮਾਣ ਹੈ| ਉਹਨਾਂ ਨੇ ਕਿਹਾ ਖੇਡਾਂ ਬੱਚਿਆਂ ਨੂੰ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਕਰਨਾ ਸਿਖਾਉਂਦੀਆਂ ਹਨ। ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ ਨੇ ਖਿਡਾਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਹਾਸਲ ਕਰਨਾ ਸਕੂਲ ਲਈ ਇੱਕ ਵੱਡੀ ਪ੍ਰਾਪਤੀ ਹੈ| ਇਸ ਦੇ ਨਾਲ਼ ਹੀ ਉਹਨਾਂ ਨੇ ਕਿਹਾ ਕਿ ਕਰਨਵੀਰ ਸਿੰਘ ਦੀ ‘ਬੈਸਟ ਡਿਫੈਂਡਰ’ ਵਜੋਂ ਚੋਣ ਹੋਣਾ ਸਾਡੇ ਲਈ ਹੋਰ ਵੀ ਮਾਣ ਵਾਲ਼ੀ ਗੱਲ ਹੈ,ਜੋ ਬਾਕੀ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ| ਸਕੂਲ ਪ੍ਰਿੰਸੀਪਲ ਡਾ. ਡੀ.ਪੀ.ਠਾਕੁਰ ਨੇ ਖਿਡਾਰੀਆਂ ਅਤੇ ਟੀਮ ਕੋਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਸਫ਼ਲਤਾ ਬੱਚਿਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਸਾਡੇ ਕੋਚ ਤਲਵਿੰਦਰ ਸਿੰਘ ਦੀ ਯੋਗ ਅਗਵਾਈ ਦਾ ਨਤੀਜਾ ਹੈ| ਸਕੂਲ ਪ੍ਰਬੰਧਕ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਇਹਨਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!