ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰਦਰਸ਼ਨੀ ਲਗਾਈ ਗਈ
** ਪ੍ਰਦਰਸ਼ਨੀਆਂ ਰਾਹੀਂ ਵਿਦਿਆਰਥੀਆਂ ਦੇ ਅੰਦਰ ਛੁਪੇ ਗੁਣ ਪ੍ਰਗਟ ਹੁੰਦੇ ਹਨ। ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ–ਗਿਆਨੀ ਕੁਲਦੀਪ ਸਿੰਘ ਜੀ ਗੜਗੱਜ
**ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ । ਇਸ ਧਰਤੀ ਉੱਪਰ ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥੀ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਣਗੀਆਂ–ਪ੍ਰਿੰਸੀਪਲ ਡਾ. ਗਗਨਦੀਪ ਸਿੰ
ਸ੍ਰੀ ਅਨੰਦਪੁਰ ਸਾਹਿਬ, 13 ਅਪ੍ਰੈਲ ( ਪ੍ਰੋਫੈਸਰ ਅਵਤਾਰ ਸਿੰਘ ):-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦੇ ਆਦੇਸ਼ ਅਨੁਸਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਸਕੱਤਰ ਸ. ਸੁਖਮਿੰਦਰ ਸਿੰਘ ਦੀ ਅਗਵਾਈ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਉਪਰ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵੱਲੋਂ ਸ਼ਬਦ ਗਾਇਨ, ਕਵਿਤਾ ਉਚਾਰਨ ਅਤੇ ਧਾਰਮਿਕ ਪ੍ਰਦਰਸ਼ਨੀ ਲਗਾਈ ਗਈ। ਇਸ ਤਹਿਤ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵੱਲੋਂ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਪ੍ਰਦਰਸ਼ਨੀ ਨੂੰ ਦੇਖਣ ਆਏ ਪਤਵੰਤੇ ਸੱਜਣਾਂ ਵਿੱਚ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੁਲਦੀਪ ਸਿੰਘ ਜੀ ਗੜਗੱਜ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਸਰਦਾਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਚਾਵਲਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਵਿਦਿਆਰਥੀਆਂ ਅਤੇ ਗੁਰੂ ਘਰ ਦਰਸ਼ਨ ਕਰਨ ਆਈ ਸੰਗਤ ਨੇ ਪ੍ਰਦਰਸ਼ਨੀ ਦੀ ਖੂਬ ਸ਼ਲਾਘਾ ਕੀਤੀ। ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੇ ਆਖਿਆ ਕਿ ਪ੍ਰਦਰਸ਼ਨੀਆਂ ਰਾਹੀਂ ਵਿਦਿਆਰਥੀਆਂ ਦੇ ਅੰਦਰ ਛੁਪੇ ਗੁਣ ਪ੍ਰਗਟ ਹੁੰਦੇ ਹਨ। ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਦੀ ਭਰਪੂਰ ਸਰਹਾਨਾ ਕੀਤੀ।
ਜ਼ਿਕਰਯੋਗ ਹੈ ਕਿ ਕਾਲਜ ਦੇ ਅਧਿਆਪਕਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸੰਬੰਧਿਤ ਬਹੁਤ ਸਾਰੇ ਮਾਡਲ ਅਤੇ ਪੋਸਟਰ ਪ੍ਰਦਰਸ਼ਿਤ ਕੀਤੇ ਸਨ । ਮਾਡਲਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਪੰਧ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੰਧ, ਸ੍ਰੀ ਕੀਰਤਪੁਰ ਸਾਹਿਬ ਦੀ ਸਥਾਪਨਾ ਅਤੇ ਕਾਰਜ, ਪੰਜਾਂ ਪਿਆਰਿਆਂ ਦਾ ਪਿਛੋਕੜ ਅਤੇ ਜੀਵਨ ਬਿਓਰਾ, ਗੁਰਬਾਣੀ ਅਧਾਰਤ ਬੇਰੀ ਅਤੇ ਕੇਲੇ ਦਾ ਦ੍ਰਿਸ਼ਟਾਂਤ, ਖਾਲਸਾ ਮਹਿਮਾ, ਗਲੋਬਲ ਵਾਰਮਿੰਗ ਆਦਿਕ ਰਾਹੀਂ ਵੱਖ-ਵੱਖ ਗੁਰਮਤਿ ਸਿਧਾਂਤਾਂ ਦੀ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਧਰਮ ਤੇ ਵਿਗਿਆਨ ਦਾ ਰਿਸ਼ਤਾ, ਸਿੱਖ ਧਰਮ ਵਿੱਚ ਔਰਤ ਦਾ ਸਥਾਨ, ਗੁਰਮਤਿ ਅਨੁਸਾਰ ਸੰਵਾਦ ਕਲਾ, ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਸ੍ਰੀ ਗੁਰੂ ਹਰਿਰਾਇ ਜੀ ਦਾ ਸੰਵਾਦ, ਗੁਰੂ ਗੋਬਿੰਦ ਸਿੰਘ ਮਾਰਗ ਦੀ ਤਸਵੀਰ ਸਮੇਤ ਬਹੁਤ ਸਾਰੇ ਪੋਸਟਰ ਤਿਆਰ ਕੀਤੇ ਸਨ।
ਵਿਦਿਆਰਥੀਆਂ ਨੇ 1966 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੰਗਲੈਂਡ ਤੋਂ ਆਏ ਸ਼ਸਤਰਾਂ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਗਿਆਨੀ ਸ਼ਰਮ ਸਿੰਘ ਜੀ ਵੱਲੋਂ ਸ਼ਸਤਰਾਂ ਦੇ ਸਤਿਕਾਰ ਵਿੱਚ ਲਿਖੀ ਕਵਿਤਾ ਦਾ ਕਾਵਿ ਬੰਧ, ‘ਉਝ ਤਾਂ ਦੁਨੀਆਂ ਵਿੱਚ ਬਥੇਰੇ ਨੇ ਸ਼ਸਤਰ’ ਵੀ ਲਿਖ ਕੇ ਪੇਸ਼ ਕੀਤਾ । ਇਸ ਮੌਕੇ ਕਾਲਜ ਦੀ ਵਿਦਿਆਰਥਣ ਹਰਮੀਨ ਕੌਰ ਬੀ. ਕਾਮ. ਸਾਲ ਪਹਿਲਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਕਵਿਤਾ ਸਿੱਖੀ ਦਾ ਬੂਟਾ ਪੇਸ਼ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ । ਇਸ ਧਰਤੀ ਉੱਪਰ ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥੀ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਣਗੀਆਂ। ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਵਿਚ ਸਹਾਇਕ ਸਾਬਤ ਹੁੰਦੇ ਹਨ।
