ਖੰਨਾਂ /ਬੀਜਾ,17 ਅਕਤੂਬਰ (ਪ੍ਰੋਫੈਸਰ ਅਵਤਾਰ ਸਿੰਘ):- ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਸਮਾਜ ਵਿਗਿਆਨ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਰੋਜ਼ਾ ਧਾਰਮਿਕ/ਇਤਿਹਾਸਿਕ/ਵਿੱਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ ।
ਪ੍ਰੋ.ਮਨਜੀਤ ਕੌਰ ਭੱਟੀ (ਮੁਖੀ ਪੰਜਾਬੀ ਵਿਭਾਗ) ,ਲੈਕ.ਸੁਰਿੰਦਰ ਕੌਰ ਤੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ.ਵਰਿੰਦਰਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ,ਬਹਾਦਰਗੜ੍ਹ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਪਟਿਆਲਾ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਅਜਾਇਬ ਘਰ ਦੇ ਵੀ ਦਰਸ਼ਨ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਇਹਨਾਂ ਸਥਾਨਾਂ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ । ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਦੀ ਯਾਤਰਾ ਵੀ ਕੀਤੀ, ਜਿਸ ਦੀ ਇਮਾਰਤਸਾਜ਼ੀ ਰਾਹੀਂ ਸੰਸਾਰ ਦੇ ਪੰਜ ਪ੍ਰਮੁੱਖ ਧਰਮਾਂ ਨੂੰ ਇੱਕੋ ਸੂਤਰ ਵਿੱਚ ਪਰੋਇਆ ਵਿਖਾਇਆ ਗਿਆ ਹੈ । ਇੱਥੋ ਦੇ ਐੱਚ. ਓ. ਡੀ . ਡਾ.ਗੁਰਮੇਲ ਸਿੰਘ ਨੇ ਇਸ ਭਵਨ ਦੇ ਨਿਰਮਾਣ, ਉਦੇਸ਼ ਅਤੇ ਇਤਿਹਾਸ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ਼ ਸਾਂਝੀ ਕੀਤੀ ਅਤੇ ਕਾਲਜ ਸਟਾਫ਼ ਨੂੰ ਧਾਰਮਿਕ ਪੁਸਤਕਾਂ ਵੀ ਭੇਟ ਕੀਤੀਆਂ । ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਮਿਊਜ਼ੀਅਮ ਆਰਟ ਗੈਲਰੀ ਵੀ ਦਿਖਾਈ ਗਈ ਜਿਸ ਵਿੱਚ ਬਣੇ ਹੋਏ ਵੱਖੋ ਵੱਖਰੇ ਚਿੱਤਰ ,ਕਲਾਤਮਿਕ ਵਸਤੂਆਂ ਤੇ ਸੱਭਿਆਚਾਰਕ ਰੰਗ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।

ਵਿਦਿਆਰਥੀਆਂ ਅੰਦਰ ਪੁਸਤਕਾਂ ਨਾਲ ਸਾਂਝ ਪਾਉਣ ਲਈ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਲਿਜਾਇਆ ਗਿਆ ਜਿੱਥੇ ਸਹਾਇਕ ਲਾਇਬ੍ਰੇਰੀਅਨ ਸ. ਕੁਲਵਿੰਦਰ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿਚ ਪੁਸਤਕਾਂ ਸੰਬੰਧੀ ਕੈਟਾਲੋਗ, ਕਿਤਾਬਾਂ ਦੇ ਵੱਖੋ- ਵੱਖਰੇ ਸੈਕਸ਼ਨ ਅਤੇ ਥੀਸਿਸ ਸੈਕਸ਼ਨ ਅਤੇ ਰੀਡਿੰਗ ਸੈਕਸ਼ਨ ਦਿਖਾਏ ਗਏ ,ਪਬਲੀਕੇਸ਼ਨ ਬਿਊਰੋ ਤੇ ਕਿਤਾਬ ਘਰ ਜਾ ਕੇ ਵਿਦਿਆਰਥੀਆਂ ਨੇ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਖਰੀਦੀਆਂ।

ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਸਮਾਜ ਵਿਗਿਆਨ ਵਿਭਾਗ ਦੇ ਅਜਿਹੇ ਉਪਰਾਲਿਆਂ ਲਈ ਉਤਸ਼ਾਹਿਤ ਕੀਤਾ।
