ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਐਡਵੋਕੇਟ ਧਾਮੀ : ਪ੍ਰਿੰਸੀਪਲ ਡਾ.ਗਗਨਦੀਪ ਸਿੰਘ

ਬੀਜਾ/ ਖੰਨਾ, 12 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੁਚੱਜੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਵਿਖੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਦੀ ਅਗਵਾਈ ਵਿੱਚ ਹੋਈ ਇਕ ਇਕੱਤਰਤਾ ਦੌਰਾਨ ਅੱਜ ਸਿੱਖ ਕੌਮ ‘ਤੇ ਆਏ ਮੌਜੂਦਾ ਸੰਕਟ ਪ੍ਰਤੀ ਗੰਭੀਰ ਚਿੰਤਾ ਪ੍ਰਗਟਾਈ ਗਈ। ਸਮੂਹ ਸਟਾਫ਼ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਇਹ ਇਕ ਅਜਿਹਾ ਨਿੰਦਣਯੋਗ ਵਰਤਾਰਾ ਹੈ ਜੋ ਸਮਾਜ ਵਿਚ ਆ ਰਹੀ ਨਿਰੰਤਰ ਗਿਰਾਵਟ ਦਾ ਸੰਕੇਤ ਹੈ ਅਤੇ ਇਕ ਵਰਤਾਰਾ ਗਹਿਣ ਆਤਮ-ਮੰਥਣ ਦੀ ਮੰਗ ਕਰਦਾ ਹੈ। ਸਟਾਫ ਨੇ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਜੀ ਧਾਮੀ ਦੀ ਸਿੱਖਿਆ ਦੇ ਖੇਤਰ ਵਿੱਚ ਦੂਰ ਅੰਦੇਸ਼ੀ ਨਾਲ ਕੀਤੀ ਗਈ ਮਿਹਨਤ ਅਤੇ ਨੇਕ-ਨੀਅਤੀ ਨਾਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਨੀਤੀਗਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਪ੍ਰਿੰਸੀਪਲ ਸਾਹਿਬ ਨੇ ਇਸ ਸਬੰਧੀ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਮੀਡੀਆ, ਮੰਡੀ ਤੇ ਮੁਨਾਫੇ ਦੇ ਇਸ ਦੌਰ ਵਿੱਚ ਵਿਅਕਤੀ ਮਹਿਜ਼ ਵਸਤਾਂ ਬਣਾ ਦਿੱਤੇ ਗਏ ਹਨ ਅਤੇ ਇਹ ਵਰਤਾਰਾ ਸਿਆਸਤ ਦੀਆਂ ਕੁਹਜੀਆਂ ਸਾਜਿਸ਼ੀ ਚਾਲਾਂ ਦਾ ਹੱਥ ਠੋਕਾ ਬਣਾ ਦਿੱਤਾ ਗਿਆ ਹੈ ਅਤੇ ਅਜੋਕੇ ਸਮੇਂ ਅੰਦਰਲਾ ਇਹ ਵਰਤਾਰਾ ਆਤਮ-ਮੰਥਨ ਦਾ ਗੰਭੀਰ ਅਤੇ ਚਿੰਤਾਜਨਕ ਮੁੱਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਵਾਪਰੇ ਘਟਨਾਕ੍ਰਮ ‘ਤੇ ਨਜ਼ਰਸਾਨੀ ਕਰਦਿਆਂ ਇੱਕ ਗੱਲ ਤਾਂ ਸਪਸ਼ਟ ਨਜ਼ਰ ਆਉਂਦੀ ਹੈ ਕਿ ਅਜੋਕੇ ਯੁੱਗ ਵਿੱਚ ਬਿਨਾਂ ਤੱਥਾਂ ਤੇ ਦਲੀਲਾਂ ਦੇ ਕਿਸੇ ਦੀ ਵੀ ਕਿਰਦਾਰਕੁਸ਼ੀ ਕਰਕੇ ਉਸਤੇ ਸਵਾਲੀਆ ਚਿੰਨ੍ਹ ਲਾ ਦੇਣਾ ਆਮ ਜਿਹੀ ਗੱਲ ਹੋ ਗਈ ਹੈ ਜਦਕਿ ਸੱਚ ਤਾਂ ਇਹ ਹੈ ਕਿ ਪਿਛਲੇ ਪੰਜਾਂ ਵਰਿਆਂ ਵਿੱਚ ਪ੍ਰਧਾਨ ਸਾਹਿਬ ਦੀ ਮਿਹਨਤ ਸਦਕਾ ਸ਼੍ਰੋਮਣੀ ਕਮੇਟੀ ਦੇ ਬਜਟ ਦਾ 100 ਕਰੋੜ ਤੋਂ ਵੱਧ ਕੇ 260 ਕਰੋੜ ਤੱਕ ਪਹੁੰਚਣਾ ਕੋਈ ਛੋਟੀ-ਮੋਟੀ ਗੱਲ ਨਹੀਂ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਵਿੱਚ ਜਦੋਂ ਬਹੁਤੀਆਂ ਸੰਸਥਾਵਾਂ ਦੀਆਂ ਮੈਨੇਜਮੈਂਟਾਂ ਨੇ ਤਨਖਾਹਾਂ ਦੇਣ ਤੋਂ ਹੱਥ ਖਿੱਚ ਲਏ ਸਨ ਤਾਂ ਉਸ ਔਖੀ ਘੜੀ ਵਿੱਚ ਵੀ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਨੇ ਨਾ ਸਿਰਫ ਅਕਾਦਮਿਕ ਸੰਸਥਾਵਾਂ ਦੀ ਬਾਂਹ ਫੜੀ ਬਲਕਿ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਿਰੰਤਰ ਯਤਨਸ਼ੀਲਤਾ ਵੀ ਜਾਰੀ ਰੱਖੀ। ਇਸੇ ਸੋਚ ਤਹਿਤ ਹੀ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਿੱਖਿਆ ਲਈ 10 ਕਰੋੜ ਦੀ ਸਹਾਇਤਾ-ਰਾਸ਼ੀ ਸਕਾਲਰਸ਼ਿਪ ਵਜੋਂ ਤਕਸੀਮ ਕਰਨੀ, ਕੁੜੀਆਂ ਦੀ ਮੁਫਤ ਸਿੱਖਿਆ ਲਈ ਨਵੇਂ ਯਤਨ ਆਰੰਭ ਕਰਨੇ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਨਿਰੰਤਰ ਵੱਧ ਰਹੇ ਦਾਖਲੇ ਪ੍ਰਧਾਨ ਸਾਹਿਬ ਦੀ ਅਣਥਕ ਮਿਹਨਤ ਦਾ ਹੀ ਸਿੱਟਾ ਹਨ। ਪ੍ਰਤਿਭਾਸ਼ੀਲ ਯੋਗ ਵਿਦਿਆਰਥੀਆਂ ਦੀ ਮਾਇਕ ਮਦਦ ਕਰਨੀ ਤੇ ਉਚੇਰੇ ਅਹੁਦਿਆਂ ਤੇ ਪਹੁੰਚਾਉਣ ਦੀ ਉਨ੍ਹਾਂ ਦੀ ਰੀਝ ਵਿੱਚੋਂ ਹੀ ਪੀ.ਸੀ.ਐਸ, ਸੀ.ਸੀ.ਐਲ.ਪੀ, ਯੂ.ਪੀ.ਐਸ.ਸੀ ਜਾਂ ਐਨ.ਡੀ.ਏ ਦੀ ਸਿੱਖਿਆ ਨੀਤੀ ਤਹਿਤ ਵਿਭਿੰਨ ਅਕੈਡਮੀਆਂ ਬਣਾਉਣੀਆਂ ਅਤੇ ਉਚੇਚਾ ਧਿਆਨ ਦੇ ਕੇ ਉਨ੍ਹਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਵੀ ਧਾਮੀ ਸਾਹਿਬ ਦੇ ਨਿਵੇਕਲੇ ਯੋਗਦਾਨ ਦਾ ਇੱਕ ਅਹਿਮ ਹਿੱਸਾ ਰਿਹਾ ਹੈ ਅਤੇ ਕੋਈ ਦੂਰਅੰਦੇਸ਼, ਪੰਥ ਹਿਤੈਸ਼ੀ ਹੀ ਭਵਿੱਖ ਵਿੱਚ ਉੱਚੇ ਅਹੁਦਿਆਂ ਤੇ ਬੈਠੇ ਸਿੱਖਾਂ ਨੂੰ ਵੇਖਣ ਦਾ ਸੁਪਨਾ ਪਾਲ ਸਕਦਾ ਹੈ। ਪ੍ਰਧਾਨ ਸਾਹਿਬ ਅਤੇ ਸਕੱਤਰ ਵਿਦਿਆ ਸ੍ ਸੁਖਮਿੰਦਰ ਸਿੰਘ ਨੇ ਜਿਸ ਵਿਧੀਵਤ ਢੰਗ ਨਾਲ ਸੰਸਥਾਵਾਂ ਨੂੰ ਬਿਹਤਰੀ ਦੇ ਰਾਹ ਤੇ ਤੋਰਿਆ ਹੈ, ਉਸ ਤੋਂ ਨੇੜਲੇ ਭਵਿੱਖ ਵਿੱਚ ਬਿਹਤਰੀਨ ਨਤੀਜਿਆਂ ਦੀ ਉਮੀਦ ਬੱਝਦੀ ਹੈ।
ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸਪਸ਼ੱਟ ਸ਼ਬਦਾਂ ਵਿੱਚ ਸੰਸਥਾਗਤ ਢਾਂਚੇ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਨੂੰ ਪਛਾਣਨ ਅਤੇ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜਿਕ ਵਰਤਾਰੇ ਦਾ ਇਹ ਇਕ ਦੁਖਾਂਤਕ ਪਹਿਲੂ ਹੈ ਕਿ ਨਿੱਜੀ ਕਿਰਦਾਰਕੁਸ਼ੀ ਸਭ ਤੋਂ ਸੌਖਾ, ਤਿੱਖਾ ਅਤੇ ਮਾਰੂ ਹਥਿਆਰ ਹੋ ਨਿਬੜਿਆ ਹੈ। ਇਕ ਅਜਿਹਾ ਮਾਰੂ ਹਥਿਆਰ ਜੋ ਇਕ ਵਾਰ ਤਾਂ ਕਿਸੇ ਸੰਵੇਦਨਸ਼ੀਲ ਬੰਦੇ ਦੀ ਆਤਮਾ ਤੱਕ ਨੂੰ ਵਲੂੰਧਰ ਜਾਂਦਾ ਹੈ। ਸਮੂਹ ਸਟਾਫ਼ ਨੇ ਇਸ ਸਮੇਂ ਸਿੱਖ ਪੰਥ ਨੂੰ ਦਰਪੇਸ਼ ਮੌਜੂਦਾ ਗੰਭੀਰ ਪਰਿਸਥਿਤੀਆਂ ਅਤੇ ਚੜ੍ਹਦੀ ਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ।

Leave a Reply

Your email address will not be published. Required fields are marked *

error: Content is protected !!