ਖੰਨਾ/ਲੁਧਿਆਣਾ, 25 ਅਗਸਤ ( ਪੋ੍ਫੈਸਰ ਅਵਤਾਰ ਸਿੰਘ / ਜਸਕਰਨ ਸਿੰਘ ਭੁਮੱਦੀ ):-ਮਾਨਯੋਗ ਐਕਸੀਅਨ ਸ੍ਰੀ ਮੋਹਿਤ ਸਿੰਘਲਾ, ਖੇਤਰੀ ਦਫ਼ਤਰ ਫਤਿਹਗੜ੍ਹ ਸਾਹਿਬ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਾਰਜ ਸਾਧਕ ਅਫ਼ਸਰ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵੱਲੋਂ ਪਲਾਸਟਿਕ ਵਿਕਰੇਤਾ ਦੁਕਾਨਦਾਰ ਐਸੋਸੀਏਸ਼ਨ ਨਾਲ ਵਿਸ਼ੇਸ਼ ਜਾਗਰੂਕਤਾ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਨਿੰਦਰ ਸਿੰਘ, ਕਮਿਊਨਿਟੀ ਫੈਸੀਲੀਟੇਟਰ ਅਤੇ ਲਖਵੀਰ ਸਿੰਘ, ਜੇ.ਈ., ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਵਿਕਰੇਤਾਵਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਅਤੇ ਵਿਕਰੀ ਨਾਲ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ ਅਤੇ ਗਾਹਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਅਤੇ ਲਾਗੂ ਜੁਰਮਾਨੇ ਦੀਆਂ ਵਿਵਸਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਕਰੇਤਾਵਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਬਦਲ ਵਜੋਂ ਬਾਇਓਡੀਗ੍ਰੇਡੇਬਲ ਅਤੇ ਵਾਤਾਵਰਣ-ਅਨੁਕੂਲ ਡਿਸਪੋਜ਼ੇਬਲ ਬਰਤਨਾਂ ਅਤੇ ਕਰੌਕਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਵਪਾਰੀ ਵਰਗ ਅਤੇ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ ਨੇ ਨਗਰ ਕੌਂਸਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਰਮਜੀਤ ਸਿੰਘ, ਰਾਹੁਲ, ਹਰਵੰਤ ਸਿੰਘ ਪੈਸਕੋ ਸੁਪਰਵਾਈਜ਼ਰ ਅਤੇ ਅਮਿਤ ਕੁਮਾਰ ਮੋਟੀਵੇਟਰ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।

