ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਧਾਰਮਿਕ ਸੈਮੀਨਾਰ ਦਾ ਕੀਤਾ ਗਿਆ ਆਯੋਜਨ
ਵਿਦਿਆਰਥੀਆਂ ਨੂੰ ਜੀਵਨ ਵਿੱਚ ਨੇਕ ਕਰਮ ਕਰਨ, ਸਰਬੱਤ ਦਾ ਭਲਾ ਮੰਗਣ ,ਆਪਣੇ ਧਰਮ ਵਿੱਚ ਦ੍ਰਿੜ ਰਹਿਣ ਅਤੇ ਸਿੱਖੀ ਸਿਧਾਂਤਾਂ ਨਾਲ ਜੁੜਨਾ ਚਾਹੀਦਾ ਹੈ–ਪ੍ਰਿੰਸੀਪਲ ਗਗਨਦੀਪ ਸਿੰਘ
ਬੀਜਾ/ ਖੰਨਾਂ, 8 ਨਵੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਅਤੇ ਸਕੱਤਰ ਵਿੱਦਿਆ ਇੰਜੀ. ਸ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲ ਰਹੇ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਧਾਰਮਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜ਼ੂਕੇਸ਼ਨ ਦੁਆਰਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ ਅਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਧਾਰਮਿਕ ਸਥਾਨਾਂ ‘ਤੇ ਸਮਾਗਮ ਕਰਵਾਏ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਮਾਤਾ ਗੰਗਾ ਖ਼ਾਲਸਾ ਕਾਲਜ ਵਿਖੇ ਵੀ ਸ਼ਹਾਦਤ ਅਤੇ ਗੁਰਿਆਈ ਦਿਵਸ ਦੇ ਸੰਬੰਧ ਵਿੱਚ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸਮਾਗਮ ਦੇ ਆਰੰਭ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼ਬਦ ਗਾਇਨ ਕੀਤਾ ਗਿਆ । ਇਸ ਤੋਂ ਉਪਰੰਤ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਦੁਆਰਾ ਭਾਸ਼ਣ ,ਕਵਿਸ਼ਰੀ ਅਤੇ ਧਾਰਮਿਕ ਕਵਿਤਾਵਾਂ ਉਚਾਰਨ ਕੀਤੀਆਂ ਗਈਆਂ । ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖੀ ਸਿਧਾਂਤਾਂ ਨਾਲ਼ ਜੋੜਨਾ, ਸਿੱਖ ਇਤਿਹਾਸ ਸੰਬੰਧੀ ਜਾਣਕਾਰੀ ਦੇਣਾ, ਸਿੱਖ ਗੁਰੂ ਸਾਹਿਬਾਨਾਂ ਦੁਆਰਾ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਨਾ ਸੀ ।
ਇਹ ਪੂਰਾ ਸਮਾਗਮ ਪ੍ਰੋਫੈਸਰ ਰਜਿੰਦਰ ਕੌਰ ( ਮੁਖੀ ਸੰਗੀਤ ਵਿਭਾਗ) ਅਤੇ ਲੈਕਚਰਾਰ ਸੁਰਿੰਦਰ ਕੌਰ (ਪੰਜਾਬੀ ਵਿਭਾਗ) ਦੁਆਰਾ ਕਰਵਾਇਆ ਗਿਆ । ਪ੍ਰੋਫ਼ੈਸਰ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ । ਲੈਕਚਰਾਰ ਸੁਰਿੰਦਰ ਕੌਰ ਦੁਆਰਾ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ ਅਤੇ ਵਿਦਿਆਰਥੀਆਂ ਨੂੰ ਗੁਰੂ ਤੇਗ਼ ਬਹਾਦਰ ਜੀ ਅੱਗੇ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ, ਬਾਲ ਗੋਬਿੰਦ ਰਾਏ ਦੇ ਕਹਿਣ ਤੇ ਦਿੱਲੀ ਵੱਲ ਰਵਾਨਾ ਹੋਣਾ , ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ । ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਦੱਸਿਆ ਅਤੇ ਸਾਹਿਬਜ਼ਾਦਿਆਂ ਦੁਆਰਾ ਆਪਣੇ ਸਿੱਖ ਧਰਮ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਨੇਕ ਕਰਮ ਕਰਨ, ਸਰਬੱਤ ਦਾ ਭਲਾ ਮੰਗਣ ,ਆਪਣੇ ਧਰਮ ਵਿੱਚ ਦ੍ਰਿੜ ਰਹਿਣ ਅਤੇ ਸਿੱਖੀ ਸਿਧਾਂਤਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।
