ਡਰੋਲੀ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਏ.ਆਈ. ਤਕਨੀਕ ਦੀ ਦੁਰਵਰਤੋਂ ਦੀ ਨਿੰਦਾ
ਦਰਬਾਰ ਸਾਹਿਬ ਦੀ ਬੇਅਦਬੀ ਵਾਲੀਆਂ ਅਜਿਹੀਆਂ ਕਾਰਵਾਈਆਂ ਮੰਦਭਾਗੀਆਂ ਹਨ। ਇਸ ਨਾਲ ਸਮੁੱਚੀ ਸਿੱਖ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ–ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ
ਆਦਮਪੁਰ,28 ਸਤੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਅਧੀਨ ਚੱਲ ਰਹੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅੱਜ ਕਾਲਜ ਦੇ ਸਮੂਹ ਸਟਾਫ ਵੱਲੋਂ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸੀ) ਤਕਨੀਕ ਦੀ ਦੁਰਵਰਤੋਂ ਦੀ ਨਿੰਦਾ ਕੀਤੀ ਗਈ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਕਿਸੇ ਸਮਾਜ ਵਿਰੋਧੀ ਸ਼ਰਾਰਤੀ ਅਨਸਰ ਵੱਲੋਂ ਏ.ਆਈ. ਤਕਨੀਕ ਦੀ ਦੁਰਵਰਤੋਂ ਰਾਹੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਇਤਰਾਜ਼ਯੋਗ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਅਪਲੋਡ ਕੀਤੀਆਂ ਗਈਆਂ ਹਨ। ਇਸ ਮੌਕੇ ਪ੍ਰਿੰਸੀਪਲ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਵੱਲੋਂ ਅਜਿਹਾ ਕੀਤਾ ਗਿਆ ਕਾਰਾ ਸਿੱਖ ਫਲਸਫੇ ਮੁਤਾਬਿਕ ਗੁਰਮਤਿ ਮਰਿਆਦਾ ਨੂੰ ਭੰਗ ਕਰਦਾ ਹੈ। ਇਸ ਸਬੰਧੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਇੱਕ ਜੁੱਟ ਹੋ ਕੇ ਕਹਿਣਾ ਸੀ ਕਿ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਮਾਜ ਦੇ ਹਾਂ ਪੱਖੀ ਉਸਾਰੂ ਕਾਰਜਾਂ ਲਈ ਵਰਤਣੀ ਚਾਹੀਦੀ ਹੈ। ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਅਜਿਹੀ ਹਰਕਤ ਬਾਰੇ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਹਰਮਿੰਦਰ ਸਾਹਿਬ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਸਿੱਖ ਕੌਮ ਦਾ ਹਿਰਦਾ ਵੱਸਦਾ ਹੈ, ਉਸ ਪਵਿੱਤਰ ਜਗ੍ਹਾ ਬਾਰੇ ਅਜਿਹੀ ਘਿਨਾਉਣੀ ਕਾਰਵਾਈ ਕਰਨ ‘ਤੇ ਸਾਡੇ ਕਾਲਜ ਦਾ ਸਮੂਹ ਸਟਾਫ ਪੁਰਜੋਰ ਨਿੰਦਾ ਕਰਦਾ ਹੈ। ਪ੍ਰਿੰਸੀਪਲ ਦਾ ਕਹਿਣਾ ਸੀ ਕਿ ਦਰਬਾਰ ਸਾਹਿਬ ਦੀ ਬੇਅਦਬੀ ਵਾਲੀਆਂ ਅਜਿਹੀਆਂ ਕਾਰਵਾਈਆਂ ਮੰਦਭਾਗੀਆਂ ਹਨ। ਇਸ ਨਾਲ ਸਮੁੱਚੀ ਸਿੱਖ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਅਜਿਹੇ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਇਸ ਸਬੰਧੀ ਮੌਜੂਦਾ ਸਰਕਾਰਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਸ਼ਰਾਰਤੀ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ।
