ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ
**ਉਹਨਾਂ ਦੀਆਂ ਵਡਮੁੱਲੀਆਂ ਕਿਰਤਾਂ ਨੂੰ ਪੰਜਾਬੀ ਸਾਹਿਤ , ਸਿੱਖ ਇਤਿਹਾਸ ਵਿੱਚ ਹਮੇਸ਼ਾ ਉੱਤਮ ਕਿਰਤ ਦੇ ਰੂਪ ਵਿੱਚ ਸਤਿਕਾਰਿਆ ਜਾਵੇਗਾ–ਪ੍ਰੋ. ਮਨਜੀਤ ਕੌਰ
ਬੀਜਾ/ ਖੰਨਾਂ ,30 ਅਗਸਤ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ਼੍ਰੀ ਅੰਮ੍ਰਿਤਸਰ ਸਾਹਿਬ ) ਵਿਖੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਉੱਚ ਕੋਟੀ ਦੇ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ । ਇਸ ਲੈਕਚਰ ਦੇ ਆਰੰਭ ਵਿੱਚ ਪ੍ਰੋ. ਮਨਜੀਤ ਕੌਰ ( ਮੁਖੀ ਪੰਜਾਬੀ ਵਿਭਾਗ) ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ, ਰਚਨਾਵਾਂ ਬਾਰੇ ਦੱਸਦਿਆਂ ਉਹਨਾਂ ਦੁਆਰਾ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼, ਸਿੱਖ ਇਤਿਹਾਸ/ ਸਿੱਖ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਸਿੱਖ ਵਿਦਵਾਨ ਨੂੰ ਪੰਜਾਬੀ, ਸੰਸਕ੍ਰਿਤ, ਉਰਦੂ, ਫ਼ਾਰਸੀ ਤੇ ਅੰਗਰੇਜ਼ੀ ਵਿਸ਼ੇ ਵਿੱਚ ਖਾਸ ਮੁਹਾਰਤ ਹਾਸਲ ਸੀ ਉਹਨਾਂ ਦੁਆਰਾ ਰਚਿਆ ਖੋਜ ਭਰਪੂਰ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਤੇ ਉਹਨਾਂ ਦੀਆਂ ਵਡਮੁੱਲੀਆਂ ਕਿਰਤਾਂ ਨੂੰ ਪੰਜਾਬੀ ਸਾਹਿਤ , ਸਿੱਖ ਇਤਿਹਾਸ ਵਿੱਚ ਹਮੇਸ਼ਾ ਉੱਤਮ ਕਿਰਤ ਦੇ ਰੂਪ ਵਿੱਚ ਸਤਿਕਾਰਿਆ ਜਾਵੇਗਾ ।

ਵਿਦਿਆਰਥੀਆਂ ਨੇ ਇਸ ਜਾਣਕਾਰੀ ਭਰਪੂਰ ਲੈਕਚਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ਼ ਸੁਣਿਆ ਤੇ ਸਮਝਿਆ । ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਰੂਪਾ ਕੌਰ, ਲੈਕਚਰਾਰ ਸੁਰਿੰਦਰ ਕੌਰ ਤੇ ਲੈਕਚਰਾਰ ਸ. ਜਗਵਿੰਦਰ ਸਿੰਘ( ਡੀ.ਪੀ.) ਨੇ ਵੀ ਸ਼ਮੂਲੀਅਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੁੜਨ ਅਤੇ ਮਹਾਨ ਰਚੇਤਾ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਗਿਆਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ ।

