ਗੁਰੂ ਨਾਨਕ ਸਕੂਲ , ਦੋਰਾਹਾ ਦਾ ਖਿਡਾਰੀ ਤਰਨਦੀਪ ਸਿੰਘ ਗਿੱਲ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣਿਆ
** ਤਰਨਦੀਪ ਨੂੰ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣੇ ਜਾਣ ਤੇ ਪੂਰੇ ਸਕੂਲ ਦਾ ਮਾਣ ਵਧਿਆ ਹੈ–ਹਰਪ੍ਰਤਾਪ ਸਿੰਘ ਬਰਾੜ
** ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਕਰਦੀਆਂ ਹਨ ਅਤੇ ਸਫ਼ਲਤਾ ਪ੍ਰਾਪਤ ਕਰਨ ਲਈ ਦ੍ਰਿੜਤਾ ਪ੍ਰਦਾਨ ਕਰਦੀਆਂ ਹਨ–ਪ੍ਰਿੰਸੀਪਲ ਡਾ. ਡੀ ਪੀ ਠਾਕੁਰ
ਦੋਰਾਹਾ, 15 ਨਵੰਬਰ ( ਪ੍ਰੋਫੈਸਰ ਅਵਤਾਰ ਸਿੰਘ ):-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ , ਦੋਰਾਹਾ ਦੇ ਵਿਦਿਆਰਥੀ ਤਰਨਦੀਪ ਸਿੰਘ ਗਿੱਲ ( ਬਾਰਵੀਂ ਮੈਡੀਕਲ ) ਨੂੰ ਰਾਜ ਪੱਧਰੀ ਹਾਕੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਚੁਣਿਆ ਗਿਆ ਹੈ| ਇਸ ਰਾਜ ਪੱਧਰੀ ਟੂਰਨਾਮੈਂਟ ਦਾ ਆਯੋਜਨ ਮਿਤੀ 17 ਨਵੰਬਰ, 2025 ਤੋਂ 20 ਨਵੰਬਰ, 2025 ਤੱਕ ਫਰੀਦਕੋਟ ਵਿਖੇ ਕੀਤਾ ਜਾ ਰਿਹਾ ਹੈ | ਤਰਨਦੀਪ ਸਿੰਘ ਗਿੱਲ ਨੇ ਹਾਕੀ ਵਿੱਚ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦੁਆਰਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਇਸ ਹੋਣਹਾਰ ਵਿਦਿਆਰਥੀ ਨੇ ਸੰਨ 2023 ਵਿੱਚ ਪੰਜਾਬ ਖੇਤੀਬੜੀ ਯੂਨੀਵਰਸਿਟੀ , ਲੁਧਿਆਣਾ ਵਿਖੇ ਅਤੇ ਸੰਨ 2025 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਘਵੱਦੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਇਸ ਮੌਕੇ ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਤਰਨਦੀਪ ਸਿੰਘ ਗਿੱਲ ਨੂੰ ਰਾਜ ਪੱਧਰੀ ਹਾਕੀ ਟੂਰਨਾਮੈਂਟ ਲਈ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਨੇ ਪੂਰੇ ਸਕੂਲ ਦਾ ਮਾਣ ਵਧਾਇਆ ਹੈ | ਸਕੂਲ ਕਾਰਜਕਾਰੀ ਪ੍ਰਸ਼ਾਸ਼ਕ ਰੂਪਿਦਰ ਕੌਰ ਬਰਾੜ ਨੇ ਤਰਨਦੀਪ ਸਿੰਘ ਗਿੱਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਦੂਜੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਨਾ ਸਰੋਤ ਹੈ | ਇਸ ਦੇ ਨਾਲ ਹੀ ਉਹਨਾਂ ਨੇ ਹਾਕੀ ਕੋਚ ਤਲਵਿੰਦਰ ਸਿੰਘ ਦੇ ਵਧੀਆ ਮਾਰਗ ਦਰਸ਼ਨ ਦੀ ਵੀ ਸ਼ਲਾਘਾ ਕੀਤੀ |
ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਤਰਨਦੀਪ ਸਿੰਘ ਗਿੱਲ ਨੂੰ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਕੂਲ ਪ੍ਰਿੰਸੀਪਲ ਡਾ. ਡੀ ਪੀ ਠਾਕੁਰ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਕਰਦੀਆਂ ਹਨ ਅਤੇ ਸਫ਼ਲਤਾ ਪ੍ਰਾਪਤ ਕਰਨ ਲਈ ਦ੍ਰਿੜਤਾ ਪ੍ਰਦਾਨ ਕਰਦੀਆਂ ਹਨ |
